Page 1234

ਜਨਮ ਜਨਮ ਕੇ ਕਿਲਵਿਖ ਭਉ ਭੰਜਨ ਗੁਰਮੁਖਿ ਏਕੋ ਡੀਠਾ ॥੧॥ ਰਹਾਉ ॥
janam janam kay kilvikh bha-o bhanjan gurmukh ayko deethaa. ||1|| rahaa-o.
by following the Guru’s teachings, he experiences God, the destroyer of fear and sins of many previous births. ||1||Pause||
ਉਹ ਮਨੁੱਖ ਗੁਰੂ ਦੀ ਸਰਨ ਪੈ ਕੇ ਅਨੇਕਾਂ ਜਨਮਾਂ ਦੇ ਪਾਪ ਅਤੇ ਡਰ ਨਾਸ ਕਰਨ ਵਾਲੇ ਪ੍ਰਭੂ ਨੂੰ ਹੀ (ਹਰ ਥਾਂ) ਵੇਖਦਾ ਹੈ ॥੧॥ ਰਹਾਉ ॥

ਕੋਟਿ ਕੋਟੰਤਰ ਕੇ ਪਾਪ ਬਿਨਾਸਨ ਹਰਿ ਸਾਚਾ ਮਨਿ ਭਾਇਆ ॥
kot kotantar kay paap binaasan har saachaa man bhaa-i-aa.
The one whom God, the destroyer of sins of millions of births, becomes pleasing in mind,
ਜਿਸ ਮਨੁੱਖ ਨੂੰ ਕ੍ਰੋੜਾਂ ਜਨਮਾਂ ਦੇ ਪਾਪ ਨਾਸ ਕਰਨ ਵਾਲਾ ਸਦਾ-ਥਿਰ ਪ੍ਰਭੂ ਹੀ (ਆਪਣੇ) ਮਨ ਵਿਚ ਪਿਆਰਾ ਲੱਗਦਾ ਹੈ।

ਹਰਿ ਬਿਨੁ ਅਵਰੁ ਨ ਸੂਝੈ ਦੂਜਾ ਸਤਿਗੁਰਿ ਏਕੁ ਬੁਝਾਇਆ ॥੧॥
har bin avar na soojhai doojaa satgur ayk bujhaa-i-aa. ||1||
the true Guru revealed him the one Almighty God, and then he does not think of anyone else. ||1||
ਉਸ ਨੂੰ ਸਤਿਗੁਰੂ ਨੇ ਇਕ ਪਰਮਾਤਮਾ ਦੀ ਸਮਝ ਬਖ਼ਸ਼ ਦਿੱਤੀ, ਉਸ ਨੂੰ ਪ੍ਰਭੂ ਤੋਂ ਬਿਨਾ ਕੋਈ ਹੋਰ ਦੂਜਾ (ਕਿਤੇ ਵੱਸਦਾ) ਨਹੀਂ ਸੁੱਝਦਾ ॥੧॥

ਪ੍ਰੇਮ ਪਦਾਰਥੁ ਜਿਨ ਘਟਿ ਵਸਿਆ ਸਹਜੇ ਰਹੇ ਸਮਾਈ ॥
paraym padaarath jin ghat vasi-aa sehjay rahay samaa-ee.
Those in whose heart is enshrined the love of God, they remain intuitively immersed in spiritual poise.
ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ (ਪ੍ਰਭੂ ਦਾ) ਅਮੋਲਕ ਪ੍ਰੇਮ ਆ ਵੱਸਦਾ ਹੈ, ਉਹ ਸਦਾ ਆਤਮਕ ਅਡੋਲਤਾ ਵਿਚ ਟਿੱਕੇ ਰਹਿੰਦੇ ਹਨ।

ਸਬਦਿ ਰਤੇ ਸੇ ਰੰਗਿ ਚਲੂਲੇ ਰਾਤੇ ਸਹਜਿ ਸੁਭਾਈ ॥੨॥
sabad ratay say rang chaloolay raatay sahj subhaa-ee. ||2||
Imbued in the Guru’s divine Word, they are immersed deep in God’s love and stay in spiritual peace. ||2||
ਗੁਰੂ ਦੇ ਸ਼ਬਦ-ਰੰਗ ਵਿਚ ਗੂੜ੍ਹੇ ਰੰਗੇ ਹੋਏ ਉਹ ਮਨੁੱਖ ਆਤਮਕ ਅਡੋਲਤਾ ਅਤੇ ਪ੍ਰੇਮ ਵਿਚ ਰੰਗੇ ਰਹਿੰਦੇ ਹਨ ॥੨॥

ਰਸਨਾ ਸਬਦੁ ਵੀਚਾਰਿ ਰਸਿ ਰਾਤੀ ਲਾਲ ਭਈ ਰੰਗੁ ਲਾਈ ॥
rasnaa sabad veechaar ras raatee laal bha-ee rang laa-ee.
By reflecting on the Divine word, one whose tongue is imbued with the relish of God’s Name, is so infused with God’s love as if it was dyed in deep crimson,
ਗੁਰੂ ਦਾ ਸ਼ਬਦ ਮਨ ਵਿਚ ਵਸਾ ਕੇ ਜਿਸ ਮਨੁੱਖ ਦੀ ਜੀਭ ਨਾਮ ਦੇ ਸੁਆਦ ਵਿਚ ਗਿੱਝ ਜਾਂਦੀ ਹੈ, ਨਾਮ-ਰੰਗ ਲਾ ਕੇ ਗੂੜ੍ਹੀ ਰੰਗੀ ਜਾਂਦੀ ਹੈ,

ਰਾਮ ਨਾਮੁ ਨਿਹਕੇਵਲੁ ਜਾਣਿਆ ਮਨੁ ਤ੍ਰਿਪਤਿਆ ਸਾਂਤਿ ਆਈ ॥੩॥
raam naam nihkayval jaani-aa man taripti-aa saaNt aa-ee. ||3||
and as that person realizes the immaculate Naam, his mind gets satiated and he gets the joy of spiritual peace. ||3||
ਉਹ ਮਨੁੱਖ ਸੁੱਧ-ਸਰੂਪ ਹਰੀ ਦੇ ਨਾਮ ਨਾਲ ਡੂੰਘੀ ਸਾਂਝ ਪਾ ਲੈਂਦਾ ਹੈ, ਉਸ ਦਾ ਮਨ (ਮਾਇਆ ਵੱਲੋਂ) ਰੱਜ ਜਾਂਦਾ ਹੈ, ਉਸ ਦੇ ਅੰਦਰ ਸ਼ਾਂਤੀ ਪੈਦਾ ਹੋ ਜਾਂਦੀ ਹੈ ॥੩॥

ਪੰਡਿਤ ਪੜ੍ਹ੍ਹਿ ਪੜ੍ਹ੍ਹਿ ਮੋਨੀ ਸਭਿ ਥਾਕੇ ਭ੍ਰਮਿ ਭੇਖ ਥਕੇ ਭੇਖਧਾਰੀ ॥
pandit parhH parhH monee sabh thaakay bharam bhaykh thakay bhaykh-Dhaaree.
The pundits get tired of reading holy books, the sages get tired of remaining silent, and all the adopters of holy garbs get exhausted wandering in doubt; (they still do not realize God)
ਪੰਡਿਤ ਲੋਕ (ਵੇਦ ਆਦਿਕ ਧਰਮ-ਪੁਸਤਕਾਂ) ਪੜ੍ਹ ਪੜ੍ਹ ਕੇ ਥੱਕ ਜਾਂਦੇ ਹਨ, ਸਮਾਧੀਆਂ ਲਾਣ ਵਾਲੇ (ਸਮਾਧੀਆਂ ਲਾ ਲਾ ਕੇ) ਥੱਕ ਜਾਂਦੇ ਹਨ, ਭੇਖਧਾਰੀ ਮਨੁੱਖ ਧਾਰਮਿਕ ਭੇਖਾਂ ਵਿਚ ਹੀ ਭਟਕ ਭਟਕ ਕੇ ਥੱਕ ਜਾਂਦੇ ਹਨ (ਉਹਨਾਂ ਨੂੰ ਹਰਿ-ਨਾਮ ਦੀ ਦਾਤ ਪ੍ਰਾਪਤੀ ਨਹੀਂ ਹੁੰਦੀ)।

ਗੁਰ ਪਰਸਾਦਿ ਨਿਰੰਜਨੁ ਪਾਇਆ ਸਾਚੈ ਸਬਦਿ ਵੀਚਾਰੀ ॥੪॥
gur parsaad niranjan paa-i-aa saachai sabad veechaaree. ||4||
By the Guru’s grace, one who reflects upon the divine word, attains union with the immaculate God. ||4||
ਜਿਹੜਾ ਮਨੁੱਖ ਗੁਰੂ ਦੀ ਕਿਰਪਾ ਨਾਲ ਸਦਾ-ਥਿਰ ਪ੍ਰਭੂ ਦੇ ਸ਼ਬਦ ਵਿਚ ਸੁਰਤ ਜੋੜਦਾ ਹੈ ਉਹ ਮਨੁੱਖ ਨਿਰਲੇਪ ਪ੍ਰਭੂ ਦਾ ਮਿਲਾਪ ਹਾਸਲ ਕਰ ਲੈਂਦਾ ਹੈ ॥੪॥

ਆਵਾ ਗਉਣੁ ਨਿਵਾਰਿ ਸਚਿ ਰਾਤੇ ਸਾਚ ਸਬਦੁ ਮਨਿ ਭਾਇਆ ॥
aavaa ga-on nivaar sach raatay saach sabad man bhaa-i-aa.
Those to whose mind the divine word seems pleasing, they get rid of their cycle of birth and death and remain imbued with the love of the eternal God.
ਜਿਨ੍ਹਾਂ ਮਨੁੱਖਾਂ ਨੂੰ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਵਾਲਾ ਗੁਰ-ਸ਼ਬਦ ਮਨ ਵਿਚ ਪਿਆਰਾ ਲਗਦਾ ਹੈ, ਉਹ (ਗੁਰ-ਸ਼ਬਦ ਦੀ ਬਰਕਤਿ ਨਾਲ) ਜਨਮ ਮਰਨ ਦਾ ਗੇੜ ਮਿਟਾ ਕੇ ਸਦਾ-ਥਿਰ ਪ੍ਰਭੂ (ਦੇ ਨਾਮ-ਰੰਗ) ਵਿਚ ਰੰਗੇ ਰਹਿੰਦੇ ਹਨ।

ਸਤਿਗੁਰੁ ਸੇਵਿ ਸਦਾ ਸੁਖੁ ਪਾਈਐ ਜਿਨਿ ਵਿਚਹੁ ਆਪੁ ਗਵਾਇਆ ॥੫॥
satgur sayv sadaa sukh paa-ee-ai jin vichahu aap gavaa-i-aa. ||5||
We receive inner peace by following the teachings the true Guru who eradicates the self-conceit from within. ||5||
ਜਿਹੜਾ ਗੁਰੂ ਆਪਾ-ਭਾਵ ਦੂਰ ਕਰਦਾ ਹੈ, ਉਸ ਗੁਰੂ ਦੀ ਸਰਨ ਪੈ ਕੇ (ਹੀ) ਸਦਾ ਆਤਮਕ ਆਨੰਦ ਮਾਣੀਦਾ ਹੈ ॥੫॥

ਸਾਚੈ ਸਬਦਿ ਸਹਜ ਧੁਨਿ ਉਪਜੈ ਮਨਿ ਸਾਚੈ ਲਿਵ ਲਾਈ ॥
saachai sabad sahj Dhun upjai man saachai liv laa-ee.
One whose mind is focused on the divine word of God’s praises, the blissful celestial melody wells up in his mind.
ਜਿਹੜਾ ਮਨੁੱਖ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਸ਼ਬਦ ਵਿਚ (ਜੁੜ ਕੇ) ਆਪਣੇ ਮਨ ਦੀ ਰਾਹੀਂ ਸਦਾ-ਥਿਰ ਪ੍ਰਭੂ ਵਿਚ ਸੁਰਤ ਜੋੜੀ ਰਖਦਾ ਹੈ, (ਉਸ ਦੇ ਅੰਦਰ) ਆਤਮਕ ਅਡੋਲਤਾ ਦੀ ਰੌ ਪੈਦਾ ਹੋ ਜਾਂਦੀ ਹੈ।

ਅਗਮ ਅਗੋਚਰੁ ਨਾਮੁ ਨਿਰੰਜਨੁ ਗੁਰਮੁਖਿ ਮੰਨਿ ਵਸਾਈ ॥੬॥
agam agochar naam niranjan gurmukh man vasaa-ee. ||6||
The Guru’s follower enshrines the Name of the incomprehensible, unfathomable and immaculate God in his mind. ||6||
ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ (ਹੀ) ਅਪਹੁੰਚ ਅਗੋਚਰ ਅਤੇ ਨਿਰਲੇਪ ਪ੍ਰਭੂ ਦਾ ਨਾਮ ਆਪਣੇ ਮਨ ਵਿਚ ਵਸਾਂਦਾ ਹੈ ॥੬॥

ਏਕਸ ਮਹਿ ਸਭੁ ਜਗਤੋ ਵਰਤੈ ਵਿਰਲਾ ਏਕੁ ਪਛਾਣੈ ॥
aykas meh sabh jagto vartai virlaa ayk pachhaanai.
Only a rare Guru’s follower realizes God and understands that the entire world is working under His command.
(ਗੁਰੂ ਦੇ ਸਨਮੁਖ ਰਹਿਣ ਵਾਲਾ ਹੀ) ਕੋਈ ਵਿਰਲਾ ਮਨੁੱਖ ਇਕ ਪਰਮਾਤਮਾ ਨਾਲ ਸਾਂਝ ਪਾਂਦਾ ਹੈ (ਤੇ, ਇਹ ਸਮਝਦਾ ਹੈ ਕਿ) ਸਾਰਾ ਸੰਸਾਰ ਇਕ ਪਰਮਾਤਮਾ (ਦੇ ਹੁਕਮ) ਵਿਚ ਹੀ ਕਾਰ ਚਲਾ ਰਿਹਾ ਹੈ।

ਸਬਦਿ ਮਰੈ ਤਾ ਸਭੁ ਕਿਛੁ ਸੂਝੈ ਅਨਦਿਨੁ ਏਕੋ ਜਾਣੈ ॥੭॥
sabad marai taa sabh kichh soojhai an-din ayko jaanai. ||7||
When one erases self-conceit through the Divine word, one comes to understand everything and then he always remains focused on God. ||7||
ਜਦੋਂ ਕੋਈ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ (ਆਪਣੇ ਅੰਦਰੋਂ) ਆਪਾ-ਭਾਵ ਦੂਰ ਕਰਦਾ ਹੈ, ਤਦੋਂ ਉਸ ਨੂੰ (ਇਹ) ਸਾਰੀ ਸੂਝ ਆ ਜਾਂਦੀ ਹੈ, ਤਦੋਂ ਉਹ ਹਰ ਵੇਲੇ ਸਿਰਫ਼ ਪਰਮਾਤਮਾ ਨਾਲ ਡੂੰਘੀ ਸਾਂਝ ਪਾਈ ਰੱਖਦਾ ਹੈ ॥੭॥

ਜਿਸ ਨੋ ਨਦਰਿ ਕਰੇ ਸੋਈ ਜਨੁ ਬੂਝੈ ਹੋਰੁ ਕਹਣਾ ਕਥਨੁ ਨ ਜਾਈ ॥
jis no nadar karay so-ee jan boojhai hor kahnaa kathan na jaa-ee.
Only that person, upon whom God bestows gracious glance, understands the righteous way of life and there is no other way to describe it.
ਜਿਸ ਮਨੁੱਖ ਉਤੇ ਪਰਮਾਤਮਾ ਮਿਹਰ ਦੀ ਨਿਗਾਹ ਕਰਦਾ ਹੈ, ਉਹੀ (ਜੀਵਨ ਦਾ ਸਹੀ ਰਸਤਾ) ਸਮਝਦਾ ਹੈ (ਪ੍ਰਭੂ ਦੀ ਮਿਹਰ ਤੋਂ ਬਿਨਾ ਕੋਈ) ਹੋਰ (ਰਸਤਾ) ਦੱਸਿਆ ਨਹੀਂ ਜਾ ਸਕਦਾ।

ਨਾਨਕ ਨਾਮਿ ਰਤੇ ਸਦਾ ਬੈਰਾਗੀ ਏਕ ਸਬਦਿ ਲਿਵ ਲਾਈ ॥੮॥੨॥
naanak naam ratay sadaa bairaagee ayk sabad liv laa-ee. ||8||2||
O’ Nanak, those who are always imbued with Naam, stay detached from the world; they remain lovingly attuned to the One Divine Word. ||8||2||
ਹੇ ਨਾਨਕ! (ਹਰੀ ਦੀ ਕਿਰਪਾ ਨਾਲ ਹੀ) ਪ੍ਰਭੂ ਦੀ ਸਿਫ਼ਤ-ਸਾਲਾਹ ਵਾਲੇ ਗੁਰ-ਸ਼ਬਦ ਵਿਚ ਸੁਰਤ ਜੋੜ ਕੇ ਹਰਿ-ਨਾਮ ਵਿਚ ਮਗਨ ਰਹਿਣ ਵਾਲੇ ਮਨੁੱਖ (ਦੁਨੀਆ ਦੇ ਮੋਹ ਵਲੋਂ) ਸਦਾ ਨਿਰਲੇਪ ਰਹਿੰਦੇ ਹਨ ॥੮॥੨॥

ਸਾਰਗ ਮਹਲਾ ੩ ॥
saarag mehlaa 3.
Raag Saarang, Third Guru:

ਮਨ ਮੇਰੇ ਹਰਿ ਕੀ ਅਕਥ ਕਹਾਣੀ ॥
man mayray har kee akath kahaanee.
O’ my mind, indescribable and unending are the praises of God,
ਹੇ ਮੇਰੇ ਮਨ! ਪ੍ਰਭੂ ਦੀ ਕਦੇ ਨਾਹ ਮੁੱਕ ਸਕਣ ਵਾਲੀ ਸਿਫ਼ਤ-ਸਾਲਾਹ (ਦੀ ਦਾਤਿ)

ਹਰਿ ਨਦਰਿ ਕਰੇ ਸੋਈ ਜਨੁ ਪਾਏ ਗੁਰਮੁਖਿ ਵਿਰਲੈ ਜਾਣੀ ॥੧॥ ਰਹਾਉ ॥
har nadar karay so-ee jan paa-ay gurmukh virlai jaanee. ||1|| rahaa-o.
only on whom God bestows mercy, receives this gift, only a rare Guru’s follower understands the worth of this gift. ||1||Pause||
ਉਹੀ ਮਨੁੱਖ ਹਾਸਲ ਕਰਦਾ ਹੈ, ਜਿਸ ਮਨੁੱਖ ਉੱਤੇ ਪਰਮਾਤਮਾ ਮਿਹਰ ਦੀ ਕਿਰਪਾ ਕਰਦਾ ਹੈ। ਗੁਰੂ ਦੇ ਸਨਮੁਖ ਰਹਿਣ ਵਾਲੇ ਕਿਸੇ ਵਿਰਲੇ ਮਨੁੱਖ ਨੇ (ਇਸ ਦੀ) ਕਦਰ ਸਮਝੀ ਹੈ ॥੧॥ ਰਹਾਉ ॥

ਹਰਿ ਗਹਿਰ ਗੰਭੀਰੁ ਗੁਣੀ ਗਹੀਰੁ ਗੁਰ ਕੈ ਸਬਦਿ ਪਛਾਨਿਆ ॥
har gahir gambheer gunee gaheer gur kai sabad pachhaani-aa.
God is a deep, profound, unfathomable and ocean of virtues and realized only through the Guru’s divine word.
ਗੁਰੂ ਦੇ ਸ਼ਬਦ ਦੀ ਰਾਹੀਂ ਇਹ ਪਛਾਣ ਆਉਂਦੀ ਹੈ ਕਿ ਪਰਮਾਤਮਾ ਬੜੇ ਹੀ ਡੂੰਘੇ ਜਿਗਰੇ ਵਾਲਾ ਹੈ ਤੇ ਸਾਰੇ ਗੁਣਾਂ ਦਾ ਖ਼ਜ਼ਾਨਾ ਹੈ।

ਬਹੁ ਬਿਧਿ ਕਰਮ ਕਰਹਿ ਭਾਇ ਦੂਜੈ ਬਿਨੁ ਸਬਦੈ ਬਉਰਾਨਿਆ ॥੧॥
baho biDh karam karahi bhaa-ay doojai bin sabdai ba-uraani-aa. ||1||
Swayed by duality, those who perform ritualistic deeds without reflecting on the Divine word are being insane. ||1||
ਜਿਹੜੇ ਮਨੁੱਖ (ਪ੍ਰਭੂ ਤੋਂ ਬਿਨਾ) ਹੋਰ ਹੋਰ ਪਿਆਰ ਵਿਚ (ਟਿਕੇ ਰਹਿ ਕੇ) ਕਈ ਤਰੀਕਿਆਂ ਦੇ (ਮਿਥੇ ਹੋਏ ਧਾਰਮਿਕ) ਕਰਮ (ਭੀ) ਕਰਦੇ ਹਨ, ਉਹ ਮਨੁੱਖ ਗੁਰੂ ਦੇ ਸ਼ਬਦ ਤੋਂ ਬਿਨਾ ਝੱਲੇ ਹੀ ਰਹਿੰਦੇ ਹਨ ॥੧॥

ਹਰਿ ਨਾਮਿ ਨਾਵੈ ਸੋਈ ਜਨੁ ਨਿਰਮਲੁ ਫਿਰਿ ਮੈਲਾ ਮੂਲਿ ਨ ਹੋਈ ॥
har naam naavai so-ee jan nirmal fir mailaa mool na ho-ee.
That humble being alone is immaculate, who lovingly remembers God as if he is bathing in Naam and he never gets polluted with sins again.
ਜਿਹੜਾ ਮਨੁੱਖ ਪਰਮਾਤਮਾ ਦੇ ਨਾਮ (-ਜਲ) ਵਿਚ (ਆਤਮਕ) ਇਸ਼ਨਾਨ ਕਰਦਾ ਰਹਿੰਦਾ ਹੈ, ਉਹੀ ਮਨੁੱਖ ਪਵਿੱਤਰ (ਜੀਵਨ ਵਾਲਾ) ਹੁੰਦਾ ਹੈ, ਉਹ ਮੁੜ ਕਦੇ ਭੀ (ਵਿਕਾਰਾਂ ਦੀ ਮੈਲ ਨਾਲ) ਮੈਲਾ ਨਹੀਂ ਹੁੰਦਾ।

ਨਾਮ ਬਿਨਾ ਸਭੁ ਜਗੁ ਹੈ ਮੈਲਾ ਦੂਜੈ ਭਰਮਿ ਪਤਿ ਖੋਈ ॥੨॥
naam binaa sabh jag hai mailaa doojai bharam pat kho-ee. ||2||
Without Naam, the entire world is polluted with sins; wandering in duality, it loses its honor. ||2||
ਪਰਮਾਤਮਾ ਦੇ ਨਾਮ ਤੋਂ ਬਿਨਾ ਸਾਰਾ ਜਗਤ (ਪਾਪਾਂ ਦੀ ਮੈਲ ਨਾਲ) ਲਿਬੜਿਆ ਰਹਿੰਦਾ ਹੈ, ਹੋਰ ਹੋਰ ਭਟਕਣਾ ਵਿਚ ਪੈ ਕੇ ਆਪਣੀ ਇੱਜ਼ਤ ਗੰਵਾ ਲੈਂਦਾ ਹੈ ॥੨॥

ਕਿਆ ਦ੍ਰਿੜਾਂ ਕਿਆ ਸੰਗ੍ਰਹਿ ਤਿਆਗੀ ਮੈ ਤਾ ਬੂਝ ਨ ਪਾਈ ॥
ki-aa darirh-aaN ki-aa sangrahi ti-aagee mai taa boojh na paa-ee.
I don’t know what should I instill in my mind, what merits should I amass and what should I renounce; on my own, I cannot understand.
ਹੇ ਪ੍ਰਭੂ! ਮੈਂ ਕਿਹੜੀ ਗੱਲ ਆਪਣੇ ਮਨ ਵਿਚ ਪੱਕੀ ਕਰ ਲਵਾਂ; ਕਿਹੜੇ ਗੁਣ (ਹਿਰਦੇ ਵਿਚ) ਇਕੱਠੇ ਕਰ ਕੇ ਕਿਹੜੇ ਔਗੁਣ ਛੱਡ ਦਿਆਂ?-ਮੈਨੂੰ ਆਪਣੇ ਆਪ ਤਾਂ ਇਹ ਸਮਝ ਨਹੀਂ ਆ ਸਕਦੀ।

ਹੋਹਿ ਦਇਆਲੁ ਕ੍ਰਿਪਾ ਕਰਿ ਹਰਿ ਜੀਉ ਨਾਮੋ ਹੋਇ ਸਖਾਈ ॥੩॥
hohi da-i-aal kirpaa kar har jee-o naamo ho-ay sakhaa-ee. ||3||
O’ God, if by becoming gracious, You show mercy (then I would understand that in the end) it is God’s Name which becomes our true helper. ||3||
ਹੇ ਪ੍ਰਭੂ ਜੀ! ਮਿਹਰ ਕਰ ਕੇ ਜੇ ਤੂੰ ਆਪ ਦਇਆਵਾਨ ਹੋ ਜਾਏਂ (ਤਾਂ ਹੀ ਮੈਨੂੰ ਸਮਝ ਆਉਂਦੀ ਹੈ ਕਿ ਤੇਰਾ) ਨਾਮ ਹੀ ਅਸਲ ਸਾਥੀ ਬਣਦਾ ਹੈ ॥੩॥

ਸਚਾ ਸਚੁ ਦਾਤਾ ਕਰਮ ਬਿਧਾਤਾ ਜਿਸੁ ਭਾਵੈ ਤਿਸੁ ਨਾਇ ਲਾਏ ॥
sachaa sach daataa karam biDhaataa jis bhaavai tis naa-ay laa-ay.
The eternal God is the giver of rewards based on our deeds; whomsoever He wishes, He attaches them to His Name.
ਜਿਹੜਾ ਪਰਮਾਤਮਾ ਸਦਾ ਹੀ ਕਾਇਮ ਰਹਿਣ ਵਾਲਾ ਹੈ, ਜੋ ਸਭ ਦਾਤਾਂ ਦੇਣ ਵਾਲਾ ਹੈ, ਜੋ (ਜੀਵਾਂ ਦੇ) ਕੀਤੇ ਕਰਮਾਂ ਅਨੁਸਾਰ (ਜੀਵਾਂ) ਨੂੰ ਜਨਮ ਦੇਣ ਵਾਲਾ ਹੈ, ਉਸ ਨੂੰ ਕਿਹੜਾ ਜੀਵ ਪਿਆਰਾ ਲੱਗਦਾ ਹੈ ਉਸ ਨੂੰ ਆਪਣੇ ਨਾਮ ਵਿਚ ਜੋੜਦਾ ਹੈ।

ਗੁਰੂ ਦੁਆਰੈ ਸੋਈ ਬੂਝੈ ਜਿਸ ਨੋ ਆਪਿ ਬੁਝਾਏ ॥੪॥
guroo du-aarai so-ee boojhai jis no aap bujhaa-ay. ||4||
By following the Guru’s teachings, that person alone understands the righteous way of life whom God Himself imparts this understanding. ||4||
ਗੁਰੂ ਦੇ ਦਰ ਤੇ ਆ ਕੇ ਉਹੀ ਮਨੁੱਖ (ਜੀਵਨ ਦਾ ਸਹੀ ਰਸਤਾ) ਸਮਝਦਾ ਹੈ ਜਿਸ ਨੂੰ ਪ੍ਰਭੂ ਆਪ ਸਮਝ ਬਖ਼ਸ਼ਦਾ ਹੈ ॥੪॥

ਦੇਖਿ ਬਿਸਮਾਦੁ ਇਹੁ ਮਨੁ ਨਹੀ ਚੇਤੇ ਆਵਾ ਗਉਣੁ ਸੰਸਾਰਾ ॥
daykh bismaad ih man nahee chaytay aavaa ga-on sansaaraa.
If one does not remember God even after looking at His wonders, his cycle of birth and death remains.
ਜਿਸ ਮਨੁੱਖ ਦਾ ਮਨ ਇਹ ਹੈਰਾਨ ਕਰਨ ਵਾਲਾ ਜਗਤ-ਤਮਾਸ਼ਾ ਵੇਖ ਕੇ ਪਰਮਾਤਮਾ ਨੂੰ ਯਾਦ ਨਹੀਂ ਕਰਦਾ, ਉਸ ਦੇ ਵਾਸਤੇ ਜਨਮ ਮਰਨ ਦਾ ਗੇੜ ਸੰਸਾਰ-ਚੱਕਰ ਬਣਿਆ ਰਹਿੰਦਾ ਹੈ।

ਸਤਿਗੁਰੁ ਸੇਵੇ ਸੋਈ ਬੂਝੈ ਪਾਏ ਮੋਖ ਦੁਆਰਾ ॥੫॥
satgur sayvay so-ee boojhai paa-ay mokh du-aaraa. ||5||
One who follows the true Guru’s teachings, he alone understands the righteous way of living and finds the way to liberation from vices. ||5||
ਜਿਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਹੀ (ਜੀਵਨ ਦਾ ਸਹੀ ਰਸਤਾ) ਸਮਝਦਾ ਹੈ, ਉਹੀ ਵਿਕਾਰਾਂ ਤੋਂ ਖ਼ਲਾਸੀ ਦਾ ਰਸਤਾ ਲੱਭਦਾ ਹੈ ॥੫॥

ਜਿਨ੍ਹ੍ ਦਰੁ ਸੂਝੈ ਸੇ ਕਦੇ ਨ ਵਿਗਾੜਹਿ ਸਤਿਗੁਰਿ ਬੂਝ ਬੁਝਾਈ ॥
jinH dar soojhai say kaday na vigaarheh satgur boojh bujhaa-ee.
Those whom the true Guru has imparted the spiritual wisdom and have visualized God, they never waste their life in sinful ways.
ਜਿਨ੍ਹਾਂ ਮਨੁੱਖਾਂ ਨੂੰ ਗੁਰੂ ਨੇ (ਆਤਮਕ ਜੀਵਨ ਦੀ) ਸੂਝ ਬਖ਼ਸ਼ ਦਿੱਤੀ, ਤੇ, ਜਿਨ੍ਹਾਂ ਨੂੰ ਪਰਮਾਤਮਾ ਦਾ ਦਰਵਾਜ਼ਾ ਦਿੱਸ ਪਿਆ, ਉਹ ਕਦੇ ਭੀ (ਵਿਕਾਰਾਂ ਵਿਚ ਆਪਣਾ ਜੀਵਨ) ਖ਼ਰਾਬ ਨਹੀਂ ਕਰਦੇ।

ਸਚੁ ਸੰਜਮੁ ਕਰਣੀ ਕਿਰਤਿ ਕਮਾਵਹਿ ਆਵਣ ਜਾਣੁ ਰਹਾਈ ॥੬॥
sach sanjam karnee kirat kamaaveh aavan jaan rahaa-ee. ||6||
They live a life of truth, self-control, and honest deeds, therefore their coming and going ends. ||6||
ਉਹ ਸੱਚ, ਸਵੈ-ਜਬਤ, ਪਵਿੱਤ੍ਰ ਜੀਵਨ ਰਹੁ-ਰੀਤੀ ਅਤੇ ਸ਼ੁਭ ਅਮਲਾ ਦੀ ਕਮਾਈ ਕਰਦੇ ਹਨ ਅਤੇ ਮੁਕ ਜਾਂਦੇ ਹਨ ਉਨ੍ਹਾਂ ਦੇ ਆਉਣੇ ਤੇ ਜਾਣੇ। ॥੬॥

ਸੇ ਦਰਿ ਸਾਚੈ ਸਾਚੁ ਕਮਾਵਹਿ ਜਿਨ ਗੁਰਮੁਖਿ ਸਾਚੁ ਅਧਾਰਾ ॥
say dar saachai saach kamaaveh jin gurmukh saach aDhaaraa.
By the Guru’s grace, those who receive God’s Name as their support, they remain in God’s presence and do righteous deeds.
ਜਿਨ੍ਹਾਂ ਮਨੁੱਖਾਂ ਨੂੰ ਗੁਰੂ ਦੀ ਰਾਹੀਂ ਸਦਾ-ਥਿਰ ਹਰਿ-ਨਾਮ ਆਸਰਾ ਮਿਲ ਜਾਂਦਾ ਹੈ, ਉਹ ਮਨੁੱਖ ਸਦਾ-ਥਿਰ ਪ੍ਰਭੂ ਦੇ ਦਰ ਤੇ (ਚਰਨਾਂ ਵਿਚ) ਟਿੱਕ ਕੇ ਸਦਾ-ਥਿਰ ਹਰਿ-ਨਾਮ ਸਿਮਰਨ ਦੀ ਕਮਾਈ ਕਰਦੇ ਹਨ।