Page 155
ਹਉ ਤੁਧੁ ਆਖਾ ਮੇਰੀ ਕਾਇਆ ਤੂੰ ਸੁਣਿ ਸਿਖ ਹਮਾਰੀ ॥
ha-o tuDh aakhaa mayree kaa-i-aa tooN sun sikh hamaaree.
I say to you, O my body: listen to my advice!
ਹੇ ਮੇਰੇ ਸਰੀਰ! ਮੈਂ ਤੈਨੂੰ ਸਮਝਾਂਦਾ ਹਾਂ, ਮੇਰੀ ਨਸੀਹਤ ਸੁਣ।
ਨਿੰਦਾ ਚਿੰਦਾ ਕਰਹਿ ਪਰਾਈ ਝੂਠੀ ਲਾਇਤਬਾਰੀ ॥
nindaa chindaa karahi paraa-ee jhoothee laa-itbaaree.
You slander and criticize others. You indulge in false backbiting.
ਤੂੰ ਪਰਾਈ ਨਿੰਦਿਆ ਦਾ ਧਿਆਨ ਰੱਖਦਾ ਹੈਂ, ਤੂੰ (ਹੋਰਨਾਂ ਦੀ) ਝੂਠੀ ਚੁਗ਼ਲੀ ਕਰਦਾ ਰਹਿੰਦਾ ਹੈਂ।
ਵੇਲਿ ਪਰਾਈ ਜੋਹਹਿ ਜੀਅੜੇ ਕਰਹਿ ਚੋਰੀ ਬੁਰਿਆਰੀ ॥
vayl paraa-ee joheh jee-arhay karahi choree buri-aaree.
O my soul, You look upon another’s woman with lustful intention, you commit theft and other evil deeds
ਹੇ ਜੀਵ! ਤੂੰ ਪਰਾਈ ਇਸਤ੍ਰੀ ਨੂੰ (ਭੈੜੀ ਨਿਗਾਹ ਨਾਲ) ਤੱਕਦਾ ਹੈਂ, ਤੂੰ ਚੋਰੀਆਂ ਕਰਦਾ ਹੈਂ, ਹੋਰ ਬੁਰਾਈਆਂ ਕਰਦਾ ਹੈਂ।
ਹੰਸੁ ਚਲਿਆ ਤੂੰ ਪਿਛੈ ਰਹੀਏਹਿ ਛੁਟੜਿ ਹੋਈਅਹਿ ਨਾਰੀ ॥੨॥
hans chali-aa tooN pichhai rahee-ayhi chhutarh ho-ee-ah naaree. ||2||
When the soul departs, you will remain behind, like an abandoned woman.
ਜਦੋਂ ਜੀਵਾਤਮਾ ਤੁਰ ਜਾਇਗਾ, ਤੂੰ ਇਥੇ ਹੀ ਛੁੱਟੜ ਇਸਤ੍ਰੀ ਵਾਂਗ ਰਹਿ ਜਾਇਂਗੀ
ਤੂੰ ਕਾਇਆ ਰਹੀਅਹਿ ਸੁਪਨੰਤਰਿ ਤੁਧੁ ਕਿਆ ਕਰਮ ਕਮਾਇਆ ॥
tooN kaa-i-aa rahee-ah supnantar tuDh ki-aa karam kamaa-i-aa.
O body, you are living in a dream! What good deeds have you done?
ਹੇ ਮੇਰੇ ਸਰੀਰ! ਤੂੰ (ਮਾਇਆ ਦੀ) ਨੀਂਦ ਵਿਚ ਹੀ ਸੁੱਤਾ ਰਿਹਾ (ਤੈਨੂੰ ਸਮਝ ਹੀ ਨ ਆਈ ਕਿ) ਤੂੰ ਕੀਹ ਕਰਤੂਤਾਂ ਕਰਦਾ ਰਿਹਾ।
ਕਰਿ ਚੋਰੀ ਮੈ ਜਾ ਕਿਛੁ ਲੀਆ ਤਾ ਮਨਿ ਭਲਾ ਭਾਇਆ ॥
kar choree mai jaa kichh lee-aa taa man bhalaa bhaa-i-aa.
When I obtained something by stealing, it felt pleasing to the mind.
ਚੋਰੀ ਆਦਿਕ ਕਰ ਕੇ ਜੋ ਮਾਲ-ਧਨ ਮੈਂ ਲਿਆਉਂਦਾ ਰਿਹਾ, ਤੈਨੂੰ ਉਹ ਮਨ ਵਿਚ ਪਸੰਦ ਆਉਂਦਾ ਰਿਹਾ।
ਹਲਤਿ ਨ ਸੋਭਾ ਪਲਤਿ ਨ ਢੋਈ ਅਹਿਲਾ ਜਨਮੁ ਗਵਾਇਆ ॥੩॥
halat na sobhaa palat na dho-ee ahilaa janam gavaa-i-aa. ||3||
This way, you neither earned any honor in this world, nor any support for the next world. You have wasted away your precious human life.
(ਇਸ ਤਰ੍ਹਾਂ) ਨਾਹ ਇਸ ਲੋਕ ਵਿਚ ਸੋਭਾ ਖੱਟੀ, ਨਾਹ ਪਰਲੋਕ ਵਿਚ ਆਸਰਾ (ਮਿਲਣ ਦਾ ਪ੍ਰਬੰਧ) ਹੋਇਆ। ਕੀਮਤੀ ਮਨੁੱਖਾ ਜਨਮ ਜ਼ਾਇਆ ਕਰ ਲਿਆ l
ਹਉ ਖਰੀ ਦੁਹੇਲੀ ਹੋਈ ਬਾਬਾ ਨਾਨਕ ਮੇਰੀ ਬਾਤ ਨ ਪੁਛੈ ਕੋਈ ॥੧॥ ਰਹਾਉ ॥
ha-o kharee duhaylee ho-ee baabaa naanak mayree baat na puchhai ko-ee. ||1|| rahaa-o.
O’ Baba Nanak, I am totally miserable, no one cares for me at all!
ਹੇ ਭਾਈ! (ਜੀਵਾਤਮਾ ਦੇ ਤੁਰ ਜਾਣ ਤੇ ਹੁਣ) ਮੈਂ ਕਾਂਇਆਂ ਬਹੁਤ ਦੁਖੀ ਹੋਈ ਹਾਂ। ਹੇ ਨਾਨਕ! ਮੇਰੀ ਹੁਣ ਕੋਈ ਵਾਤ ਨਹੀਂ ਪੁੱਛਦਾ
ਤਾਜੀ ਤੁਰਕੀ ਸੁਇਨਾ ਰੁਪਾ ਕਪੜ ਕੇਰੇ ਭਾਰਾ ॥
taajee turkee su-inaa rupaa kaparh kayray bhaaraa.
Turkish horses, gold, silver and loads of gorgeous clothes,
ਤੁਰਕਿਸਤਾਨੀ ਵਧੀਆ ਘੋੜੇ, ਸੋਨਾ ਚਾਂਦੀ ਅਤੇ ਬਸਤਰ ਦੇ ਢੇਰਾਂ ਦੇ ਢੇਰ।
ਕਿਸ ਹੀ ਨਾਲਿ ਨ ਚਲੇ ਨਾਨਕ ਝੜਿ ਝੜਿ ਪਏ ਗਵਾਰਾ ॥
kis hee naal na chalay naanak jharh jharh pa-ay gavaaraa.
O Nanak, none of these shall go with you after death. O foolish person, these worldly things separate from the body and fall down like embers.
ਹੇ ਨਾਨਕ! (ਆਖ-) ਹੇ ਮੂਰਖ! ਕੋਈ ਭੀ ਸ਼ੈ (ਮੌਤ ਵੇਲੇ) ਕਿਸੇ ਦੇ ਨਾਲ ਨਹੀਂ ਜਾਂਦੀ। ਸਭ ਇਥੇ ਹੀ ਰਹਿ ਜਾਂਦੇ ਹਨ l
ਕੂਜਾ ਮੇਵਾ ਮੈ ਸਭ ਕਿਛੁ ਚਾਖਿਆ ਇਕੁ ਅੰਮ੍ਰਿਤੁ ਨਾਮੁ ਤੁਮਾਰਾ ॥੪॥
koojaa mayvaa mai sabh kichh chaakhi-aa ik amrit naam tumaaraa. ||4||
O’ my God, I have tasted all the delicious foods, like rock candy and dried fruit, but I find that only Your Name is sweet like nectar.
ਹੇ ਪ੍ਰਭੂ! ਮਿਸਰੀ ਮੇਵੇ ਆਦਿਕ ਭੀ ਮੈਂ ਸਭ ਕੁਝ ਚੱਖ ਕੇ ਵੇਖ ਲਿਆ ਹੈ। ਕੇਵਲ ਤੇਰਾ ਨਾਮ ਹੀ ਅੰਮ੍ਰਿਤੁ ਜੈਸਾ ਮਿੱਠਾ ਹੈ,
ਦੇ ਦੇ ਨੀਵ ਦਿਵਾਲ ਉਸਾਰੀ ਭਸਮੰਦਰ ਕੀ ਢੇਰੀ ॥
day day neev divaal usaaree bhasmandar kee dhayree.
People dig deep foundations to erect big mansions, but in the end these crumble down to heaps of dust.
ਡੂੰਘੀਆਂ ਬੁਨਿਆਦਾਂ ਪੁੱਟ ਕੇ ਬੰਦਾ ਕੰਧਾਂ ਉਸਾਰਦਾ ਹੈ। ਐਹੋ ਜੇਹੀਆਂ ਇਮਾਰਤਾ ਅਖੀਰ ਨੂੰ ਮਿੱਟੀ ਦਾ ਅੰਬਾਰ ਹੋ ਜਾਂਦੀਆਂ ਹਨ।
ਸੰਚੇ ਸੰਚਿ ਨ ਦੇਈ ਕਿਸ ਹੀ ਅੰਧੁ ਜਾਣੈ ਸਭ ਮੇਰੀ ॥
sanchay sanch na day-ee kis hee anDh jaanai sabh mayree.
A person gathers and hoards worldly possessions, and does not share with anyone else.The fool thinks that everything is his own.
ਮਾਇਆ ਦੇ ਖ਼ਜ਼ਾਨੇ ਇਕੱਠੇ ਕੀਤੇ ਕਿਸੇ ਨੂੰ ਹਥੋਂ ਨਹੀਂ ਦੇਂਦਾ, ਮੂਰਖ ਸਮਝਦਾ ਹੈ ਕਿ ਇਹ ਸਭ ਕੁਝ ਮੇਰਾ ਹੈ।
ਸੋਇਨ ਲੰਕਾ ਸੋਇਨ ਮਾੜੀ ਸੰਪੈ ਕਿਸੈ ਨ ਕੇਰੀ ॥੫॥
so-in lankaa so-in maarhee sampai kisai na kayree. ||5||
He does not remember that Maya does not remain with anyone. Even Lanka, the city of gold, and the mansions of gold were of no use to Ravan in the end.
(ਪਰ ਇਹ ਨਹੀਂ ਜਾਣਦਾ ਕਿ) ਸੋਨੇ ਦੀ ਲੰਕਾ ਸੋਨੇ ਦੇ ਮਹਲ (ਰਾਵਣ ਦੇ ਭੀ ਨਾਹ ਰਹੇ l ਇਹ ਧਨ ਕਿਸੇ ਦਾ ਭੀ ਨਹੀਂ ਬਣਿਆ ਰਹਿੰਦਾ l
ਸੁਣਿ ਮੂਰਖ ਮੰਨ ਅਜਾਣਾ ॥ ਹੋਗੁ ਤਿਸੈ ਕਾ ਭਾਣਾ ॥੧॥ ਰਹਾਉ ॥
sun moorakh man ajaanaa. hog tisai kaa bhaanaa.||1|| rahaa-o.
O foolish and ignorant mind listen, only God’s Will prevails.
ਹੇ ਮੂਰਖ ਅੰਞਾਣ ਮਨ! ਸੁਣ। ਕੇਵਲ ਉਸ ਪਰਮਾਤਮਾ ਦੀ ਰਜ਼ਾ ਹੀ ਵਰਤੇਗੀ l
ਸਾਹੁ ਹਮਾਰਾ ਠਾਕੁਰੁ ਭਾਰਾ ਹਮ ਤਿਸ ਕੇ ਵਣਜਾਰੇ ॥
saahu hamaaraa thaakur bhaaraa ham tis kay vanjaaray.
Our God is a great Banker and we are only His petty traders.
ਸਾਡਾ ਮਾਲਕ-ਪ੍ਰਭੂ ਵੱਡਾ ਸਾਹੂਕਾਰ ਹੈ, ਅਸੀਂ ਸਾਰੇ ਜੀਵ ਉਸ ਦੇ ਭੇਜੇ ਹੋਏ ਵਣਜਾਰੇ-ਵਪਾਰੀ ਹਾਂ
ਜੀਉ ਪਿੰਡੁ ਸਭ ਰਾਸਿ ਤਿਸੈ ਕੀ ਮਾਰਿ ਆਪੇ ਜੀਵਾਲੇ ॥੬॥੧॥੧੩॥
jee-o pind sabh raas tisai kee maar aapay jeevaalay. ||6||1||13||
This soul and body are the capital given to us by Him. He Himself kills, and brings back to life.
ਇਹ ਜਿੰਦ ਇਹ ਸਰੀਰ ਉਸੇ ਸ਼ਾਹ ਦੀ ਦਿੱਤੀ ਹੋਈ ਰਾਸ-ਪੂੰਜੀ ਹੈ। ਉਹ ਆਪ ਹੀ ਮਾਰਦਾ ਤੇ ਆਪ ਹੀ ਜਿੰਦ ਦੇਂਦਾ ਹੈ
ਗਉੜੀ ਚੇਤੀ ਮਹਲਾ ੧ ॥
ga-orhee chaytee mehlaa 1.
Raag Gauree Chaytee, First Guru:
ਅਵਰਿ ਪੰਚ ਹਮ ਏਕ ਜਨਾ ਕਿਉ ਰਾਖਉ ਘਰ ਬਾਰੁ ਮਨਾ ॥
avar panch ham ayk janaa ki-o raakha-o ghar baar manaa.
O my mind, I am all alone against the five enemies (vices). How can I protect my virtues from these enemies.
ਹੇ ਮੇਰੇ ਮਨ! ਮੇਰੇ ਵੈਰੀ (ਕਾਮਾਦਿਕ) ਪੰਜ ਹਨ, ਮੈਂ ਇਕੱਲਾ ਹਾਂ, ਮੈਂ (ਇਹਨਾਂ ਤੋਂ) ਸਾਰਾ ਘਰ (ਭਾਵ, ਭਲੇ ਗੁਣ) ਕਿਵੇਂ ਬਚਾਵਾਂ?
ਮਾਰਹਿ ਲੂਟਹਿ ਨੀਤ ਨੀਤ ਕਿਸੁ ਆਗੈ ਕਰੀ ਪੁਕਾਰ ਜਨਾ ॥੧॥
maareh looteh neet neet kis aagai karee pukaar janaa. ||1||
These robbers are beating and plundering me (of my virtues) over and over again; unto whom can I complain?
ਇਹ ਪੰਜੇ ਮੈਨੂੰ ਨਿੱਤ ਮਾਰਦੇ ਤੇ ਲੁੱਟਦੇ ਰਹਿੰਦੇ ਹਨ, ਮੈਂ ਕਿਸ ਦੇ ਪਾਸ ਸ਼ਿਕਾਇਤ ਕਰਾਂ?
ਸ੍ਰੀ ਰਾਮ ਨਾਮਾ ਉਚਰੁ ਮਨਾ ॥ ਆਗੈ ਜਮ ਦਲੁ ਬਿਖਮੁ ਘਨਾ ॥੧॥ ਰਹਾਉ ॥
saree raam naama uchar manaa. aagai jam dal bikham ghana. ||1|| rahaa-o.
O’ my mind, recite the Name of the Supreme God, otherwise, in the world hereafter, you will have to face a very powerful army of the demons of death.
ਹੇ ਮਨ! ਪਰਮਾਤਮਾ ਦੇ ਨਾਮ ਦਾ ਉਚਾਰਣ ਕਰ l ਸਾਹਮਣੇ ਜਮਰਾਜ ਦੀ ਭਾਰੀ ਤਕੜੀ ਫ਼ੌਜ ਦਿੱਸ ਰਹੀ ਹੈ
ਉਸਾਰਿ ਮੜੋਲੀ ਰਾਖੈ ਦੁਆਰਾ ਭੀਤਰਿ ਬੈਠੀ ਸਾ ਧਨਾ ॥
usaar marholee raakhai du-aaraa bheetar baithee saa Dhanaa.
Building a small fort (body), God has put doors (eyes, ears, mouth, etc,) in it. Inside this body-fort lives the soul-bride.
ਵਾਹਿਗੁਰੂ ਨੇ ਦੇਹਿ ਦਾ ਸਰੀਰ-ਮਠ ਉਸਾਰ ਕੇ ਇਸ ਨੂੰ ਦਰਵਾਜੇ ਲਾਏ ਹਨ ਅਤੇ ਇਸ ਦੇ ਅੰਦਰ ਆਤਮਾ ਇਸਤਰੀ ਬੈਠੀ ਹੈ।
ਅੰਮ੍ਰਿਤ ਕੇਲ ਕਰੇ ਨਿਤ ਕਾਮਣਿ ਅਵਰਿ ਲੁਟੇਨਿ ਸੁ ਪੰਚ ਜਨਾ ॥੨॥
amrit kayl karay nit kaaman avar lutayn so panch janaa. ||2||
Thinking herself to be immortal, every day she engages in worldly plays while the five thieves (lust, anger, greed, ego etc.) keep robbing her virtues.
ਇਹ ਜੀਵ-ਇਸਤ੍ਰੀ ਆਪਣੇ ਆਪ ਨੂੰ ਅਮਰ ਜਾਣ ਕੇ ਸਦਾ ਦੁਨੀਆ ਵਾਲੇ ਚੋਜ-ਤਮਾਸ਼ੇ ਕਰਦੀ ਰਹਿੰਦੀ ਹੈ, ਤੇ ਉਹ ਵੈਰੀ ਕਾਮਾਦਿਕ ਪੰਜੇ ਜਣੇ (ਅੰਦਰੋਂ ਭਲੇ ਗੁਣ) ਲੁੱਟਦੇ ਰਹਿੰਦੇ ਹਨ l
ਢਾਹਿ ਮੜੋਲੀ ਲੂਟਿਆ ਦੇਹੁਰਾ ਸਾ ਧਨ ਪਕੜੀ ਏਕ ਜਨਾ ॥
dhaahi marholee looti-aa dayhuraa saa Dhan pakrhee ayk janaa.
In the end (at death), the body-fort is demolished and robbed and the soul-bride is captured alone.
ਜਮ ਦੀ ਫ਼ੌਜ (ਮੌਤ) ਨੇ ਆਖ਼ਰ ਸਰੀਰ-ਮਠ ਢਾਹ ਕੇ ਮੰਦਰ ਲੁੱਟ ਲਿਆ, ਜੀਵ-ਇਸਤ੍ਰੀ ਇਕੱਲੀ ਹੀ ਫੜੀ ਗਈ।
ਜਮ ਡੰਡਾ ਗਲਿ ਸੰਗਲੁ ਪੜਿਆ ਭਾਗਿ ਗਏ ਸੇ ਪੰਚ ਜਨਾ ॥੩॥
jam dandaa gal sangal parhi-aa bhaag ga-ay say panch janaa. ||3||
The soul alone is tortured (by the demon of death) for the evil deeds while those five thieves (evil tendencies) run away.
ਜਮ ਦਾ ਡੰਡਾ ਸਿਰ ਉਤੇ ਵੱਜਾ, ਜਮ ਦਾ ਸੰਗਲ ਗਲ ਵਿਚ ਪਿਆ, ਉਹ (ਲੁੱਟਣ ਵਾਲੇ) ਪੰਜੇ ਜਣੇ ਭੱਜ ਗਏ (ਸਾਥ ਛੱਡ ਗਏ)
ਕਾਮਣਿ ਲੋੜੈ ਸੁਇਨਾ ਰੁਪਾ ਮਿਤ੍ਰ ਲੁੜੇਨਿ ਸੁ ਖਾਧਾਤਾ ॥
kaaman lorhai su-inaa rupaa mitar lurhayn so khaaDhaataa.
Throughout one’s life his wife keeps asking for gold and silver, and the friends seek good food and drinks (pleasures)
(ਸਾਰੀ ਉਮਰ) ਵਹੁਟੀ ਸੋਨਾ ਚਾਂਦੀ (ਦੇ ਗਹਿਣੇ) ਮੰਗਦੀ ਰਹਿੰਦੀ ਹੈ, ਸਨਬੰਧੀ ਮਿਤ੍ਰ ਖਾਣ ਪੀਣ ਦੇ ਪਦਾਰਥ ਮੰਗਦੇ ਰਹਿੰਦੇ ਹਨ।
ਨਾਨਕ ਪਾਪ ਕਰੇ ਤਿਨ ਕਾਰਣਿ ਜਾਸੀ ਜਮਪੁਰਿ ਬਾਧਾਤਾ ॥੪॥੨॥੧੪॥
naanak paap karay tin kaaran jaasee jampur baaDhaataa. ||4||2||14||
O’ Nanak, one commits sins for the sake of others but in the end, he suffers alone.
ਹੇ ਨਾਨਕ! ਇਹਨਾਂ ਦੀ ਹੀ ਖ਼ਾਤਰ ਜੀਵ ਪਾਪ ਕਰਦਾ ਰਹਿੰਦਾ ਹੈ, ਆਖ਼ਰ ਉਹ ਬੱਝਾ ਹੋਇਆ ਜਮ ਦੀ ਨਗਰੀ ਵਿਚ ਧੱਕਿਆ ਜਾਂਦਾ ਹੈ
ਗਉੜੀ ਚੇਤੀ ਮਹਲਾ ੧ ॥
ga-orhee chaytee mehlaa 1.
Raag Gauree Chaytee, First Guru:
ਮੁੰਦ੍ਰਾ ਤੇ ਘਟ ਭੀਤਰਿ ਮੁੰਦ੍ਰਾ ਕਾਂਇਆ ਕੀਜੈ ਖਿੰਥਾਤਾ ॥
mundraa tay ghat bheetar mundraa kaaN-i-aa keejai khinthaataa.
O yogi, instead of putting around ears, put these rings around your mind and control your evil desires and let belief in death be Your patched jacket.
ਹੇ ਰਾਵਲ! ਆਪਣੇ ਸਰੀਰ ਦੇ ਅੰਦਰ ਹੀ ਮੰਦੀਆਂ ਵਾਸਨਾਂ ਨੂੰ ਰੋਕ-ਇਹ ਹਨ (ਅਸਲ) ਮੁੰਦ੍ਰਾਂ। ਸਰੀਰ ਨੂੰ ਨਾਸਵੰਤ ਸਮਝ-ਇਸ ਯਕੀਨ ਨੂੰ ਗੋਦੜੀ ਬਣਾ।
ਪੰਚ ਚੇਲੇ ਵਸਿ ਕੀਜਹਿ ਰਾਵਲ ਇਹੁ ਮਨੁ ਕੀਜੈ ਡੰਡਾਤਾ ॥੧॥
panch chaylay vas keejeh raaval ih man keejai dandaataa. ||1||
O Yogi, make your five senses (speech, touch, smell, sight and hearing) your disciples, and make your mind the stick to control your senses.
ਹੇ ਰਾਵਲ! ਆਪਣੇ ਪੰਜੇ, ਗਿਆਨ-ਇੰਦ੍ਰਿਆਂ ਨੂੰ ਵੱਸ ਵਿਚ ਕਰ, ਚੇਲੇ ਬਣਾ, ਆਪਣੇ ਮਨ ਨੂੰ ਡੰਡਾ ਬਣਾ ਤੇ ਹੱਥ ਵਿਚ ਫੜ, ਭਾਵ ਕਾਬੂ ਕਰ l
ਜੋਗ ਜੁਗਤਿ ਇਵ ਪਾਵਸਿਤਾ ॥
jog jugat iv paavsitaa.
O yogi, this is how you will find the way to yoga (union with God).
(ਹੇ ਰਾਵਲ!) ਤਾਂ ਤੂੰ ਇਸ ਤਰ੍ਹਾਂ ਜੋਗ (ਪ੍ਰਭੂ-ਚਰਨਾਂ ਵਿਚ ਜੁੜਨ) ਦਾ ਤਰੀਕਾ ਲੱਭ ਲਏਂਗਾ,
ਏਕੁ ਸਬਦੁ ਦੂਜਾ ਹੋਰੁ ਨਾਸਤਿ ਕੰਦ ਮੂਲਿ ਮਨੁ ਲਾਵਸਿਤਾ ॥੧॥ ਰਹਾਉ ॥
ayk sabad doojaa hor naasat kand mool man laavsitaa. ||1|| rahaa-o.
Concentrate your mind to the Guru’s word, instead of forest fruits and roots. No one else is capable of showing the way to unite with God.
ਜੇ ਤੂੰ ਉਸ ਗੁਰ-ਸ਼ਬਦ ਵਿਚ ਮਨ ਜੋੜੇਂ (ਜਿਸ ਤੋਂ ਬਿਨਾ) ਕੋਈ ਹੋਰ ਜੀਵਨ-ਰਾਹ ਵਿਖਾਣ ਦੇ ਸਮਰੱਥ ਨਹੀਂ ਹੈ। ਤੂੰ ਤਾਂ ਗਾਜਰ ਮੂਲੀ ਆਦਿਕ ਖਾਣ ਵਿਚ ਮਨ ਜੋੜਦਾ ਫਿਰਦਾ ਹੈਂ l
ਮੂੰਡਿ ਮੁੰਡਾਇਐ ਜੇ ਗੁਰੁ ਪਾਈਐ ਹਮ ਗੁਰੁ ਕੀਨੀ ਗੰਗਾਤਾ ॥
moond moondaa-i-ai jay gur paa-ee-ai ham gur keenee gangaataa.
If the Guru is met by shaving the head at the Ganges bank, then I consider my Guru as the holy Ganges.
ਜੇ ਗੰਗਾ ਦੇ ਕੰਢੇ ਸਿਰ ਮੁਨਾਇਆਂ ਗੁਰੂ ਮਿਲਦਾ ਹੈ ਤਾਂ ਅਸਾਂ ਤਾਂ ਗੁਰੂ ਨੂੰ ਹੀ ਗੰਗਾ ਬਣਾ ਲਿਆ ਹੈ,
ਤ੍ਰਿਭਵਣ ਤਾਰਣਹਾਰੁ ਸੁਆਮੀ ਏਕੁ ਨ ਚੇਤਸਿ ਅੰਧਾਤਾ ॥੨॥
taribhavan taaranhaar su-aamee ayk na chaytas anDhaataa. ||2||
O’ blind one, why don’t you remember the one Master, who alone is the saviour of the three worlds . ||2||
ਅੰਨ੍ਹਾ (ਰਾਵਲ) ਉਸ ਇਕੋ ਮਾਲਕ ਨੂੰ ਨਹੀਂ ਸਿਮਰਦਾ ਜੋ ਤਿੰਨਾਂ ਭਵਣਾਂ (ਦੇ ਜੀਵਾਂ) ਨੂੰ ਤਾਰਨ ਦੇ ਸਮਰਥ ਹੈ ॥੨॥
ਕਰਿ ਪਟੰਬੁ ਗਲੀ ਮਨੁ ਲਾਵਸਿ ਸੰਸਾ ਮੂਲਿ ਨ ਜਾਵਸਿਤਾ ॥
kar patamb galee man laavas sansaa mool na jaavsitaa.
O’ yogi, you satisfy people with your false show and lose talks, but your own doubt never departs.
ਹੇ ਜੋਗੀ! ਤੂੰ (ਜੋਗ ਦਾ) ਵਿਖਾਵਾ ਕਰ ਕੇ ਨਿਰੀਆਂ ਗੱਲਾਂ ਵਿਚ ਹੀ ਲੋਕਾਂ ਦਾ ਮਨ ਪਰਚਾਂਦਾ ਹੈਂ, ਪਰ ਤੇਰਾ ਆਪਣਾ ਸੰਸਾ ਉੱਕਾ ਹੀ ਦੂਰ ਨਹੀਂ ਹੁੰਦਾ।